Saturday 18 April 2020

ਕਿਰਤੀਆਂ ਦੀ ਬੁਲੰਦ ਆਵਾਜ਼: ਸੰਤ ਰਾਮ ਉਦਾਸੀ


ਗ਼ਦਰ, ਕਿਰਤੀ, ਮਾਰਕਸੀ-ਲੈਨਿਨੀ ਆਦਿ ਲਹਿਰਾਂ ਨੇ ਭਾਰਤ ਦੇ ਸਿਆਸੀ ਮੋਰਚੇ ਅਤੇ ਸਾਹਿਤਕ ਖੇਤਰ ਵਿਚ ਸਰਗਰਮ ਭੂਮਿਕਾ ਹੀ ਨਹੀਂ ਨਿਭਾਈ ਸਗੋਂ ਵਡਮੁੱਲਾ ਤੇ ਇਤਿਹਾਸਕ ਰੋਲ ਨਿਭਾਇਆ ਹੈ। ਸੱਤਵੇਂ ਦਹਾਕੇ ਵਿਚ ਉੱਠੀ ਨਕਸਲਵਾੜੀ ਲਹਿਰ ਨੇ ਲੋਕ ਮਨਾਂ ਵਿਚ ਕ੍ਰਾਂਤੀ ਦੇ ਬੀਜ ਬੀਜੇ ਅਤੇ ਸਿਆਸੀ ਤਬਦੀਲੀ ਦੀ ਚਿਣਗ ਲਾਈ। ਇਸ ਲਹਿਰ ਵੱਲੋਂ ਇਨਕਲਾਬ ਲਈ ਮਾਰੇ ਹੰਭਲੇ ਸਮੇਂ ਜਿਹੜੇ ਨੌਜਵਾਨ ਇਨਕਲਾਬੀ ਤਬਦੀਲੀ ਦਾ ਸੁਪਨਾ ਲੈ ਕੇ ਤੁਰੇ, ਸੰਤ ਰਾਮ ਉਦਾਸੀ ਉਨ੍ਹਾਂ ਵਿਚੋਂ ਇਕ ਸੀ। ਉਹ ਇਸ ਲਹਿਰ ਦਾ ਉਹ ਹੀਰਾ ਸੀ ਜਿਸ ਕੋਲ ਸਿਧਾਂਤਕ ਚੇਤਨਾ ਅਤੇ ਲੋਕ ਮੁਹਾਵਰੇ ਵਿਚ ਕਾਵਿ ਸਿਰਜਣ ਦੀ ਸਮਰੱਥਾ ਦੇ ਨਾਲ ਨਾਲ ਖੂਬਸੂਰਤ ਦਮਦਾਰ ਆਵਾਜ਼ ਵੀ ਸੀ। ਉਹ ਜਦੋਂ ਤਰੰਨੁਮ ਵਿਚ ਗਾਉਂਦਾ ਸੀ ਤਾਂ ਸਰੋਤਿਆਂ ਦੇ ਦਿਲਾਂ ਅਤੇ ਦਿਮਾਗ ਦੀਆਂ ਤਰਬਾਂ ਨੂੰ ਇਸ ਤਰ੍ਹਾਂ ਖਿੱਚ ਪਾਉਂਦਾ ਸੀ ਕਿ ਕਿਸਾਨ ਮਜ਼ਦੂਰ ਹੱਲ ਛੱਡ ਕੇ ਉਸ ਦੀ ਆਵਾਜ਼ ਦੇ ਪਿੱਛੇ ਤੁਰ ਪੈਂਦੇ ਸਨ।

ਕਿਰਤੀਆਂ ਦੀ ਇਸ ਬੁਲੰਦ ਆਵਾਜ਼ ਦਾ ਜਨਮ 20 ਅਪਰੈਲ, 1939 ਨੂੰ ਪਿੰਡ ਰਾਏਸਰ (ਅੱਜਕੱਲ੍ਹ ਜ਼ਿਲ੍ਹਾ ਬਰਨਾਲਾ) ਵਿਖੇ ਮਿਹਰ ਸਿੰਘ ਅਤੇ ਧੰਨ ਕੌਰ ਦੇ ਘਰ ਹੋਇਆ। ਸੰਤ ਰਾਮ ਉਦਾਸੀ ਜੁਝਾਰੂ ਕਾਵਿ ਯੁੱਗ ਦਾ ਸਟਾਰ ਕਵੀ ਅਤੇ ਗਾਇਕ ਬਾਅਦ 'ਚ ਬਣਿਆ। ਪਹਿਲਾਂ ਉਸ ਨੇ ਮਾਰਚ 1968 ਵਿਚ ਬਣੀ ਇਨਕਲਾਬੀ ਤਾਲਮੇਲ ਕਮੇਟੀ ਵਿਚ ਸਰਗਰਮੀ ਵਿੱਢੀ। ਇਸ ਕਮੇਟੀ ਵੱਲੋਂ ਵਿਦਿਆਰਥੀ ਅੰਦੋਲਨ ਦੇ ਨਾਲ ਨਾਲ ਪੰਜਾਬ ਵਿਚ ਭੀਖੀ-ਸਮਾਓਂ ਦਾ ਜ਼ਮੀਨੀ ਕਬਜ਼ਾ, ਕਿਲ੍ਹਾ ਹਕੀਮਾਂ (ਸੰਗਰੂਰ) ਦਾ ਜ਼ਮੀਨੀ ਕਬਜ਼ਾ, ਬਿਰਲਾ ਫਾਰਮ (ਰੂਪਨਗਰ) ਦਾ ਮਜ਼ਦੂਰਾਂ ਦਾ ਘੋਲ ਅਤੇ ਹਾਜੀਪੁਰ ਦੇ ਕਿਸਾਨੀ ਘੋਲ ਦੀਆਂ ਪੰਜਾਬ ਵਿਚ ਚਾਰ ਪਾਕਟਾਂ ਦੀ ਨਿਸ਼ਾਨਦੇਹੀ ਕਰਕੇ ਕਬਜ਼ੇ ਕਰਨ ਅਤੇ ਤਿੱਖੇ ਸੰਘਰਸ਼ ਕਰਨ ਦੀ ਪਹਿਲਕਦਮੀ ਕੀਤੀ। ਉਦਾਸੀ ਕਿਲ੍ਹਾ ਹਕੀਮਾਂ ਦੇ ਜ਼ਮੀਨੀ ਕਬਜ਼ੇ ਵੇਲੇ ਸਰਗਰਮ ਹੋਇਆ। ਹਥਿਆਰਬੰਦ ਕਾਰਵਾਈਆਂ ਕਰਨ ਦੀ ਲਾਈਨ ਵੇਲੇ ਉਹ ਜੰਗਜੂ ਜਥਿਆਂ ਦਾ ਮਦਦਗਾਰ ਬਣਿਆ। ਇਸੇ ਕਾਰਨ ਲੱਡਾ ਕੋਠੀ (ਸੰਗਰੂਰ) ਸਮੇਤ ਵੱਖ ਵੱਖ ਤਸੀਹੇ ਕੇਂਦਰਾਂ ਵਿਚ ਉਸ 'ਤੇ ਅੰਤਾਂ ਦਾ ਪੁਲੀਸ ਤਸ਼ੱਦਦ ਕੀਤਾ ਗਿਆ। ਚਾਰ ਵਾਰ ਉਸ ਨੂੰ ਵੱਖ ਵੱਖ ਜੇਲ੍ਹਾਂ ਦਾ ਨਰਕ ਭੋਗਣਾ ਪਿਆ।

ਜਦੋਂ ਸੀਪੀਆਈ (ਐੱਮਐੱਲ) ਵੱਲੋਂ ਜੁਝਾਰੂ ਜਨਤਕ ਲਹਿਰ ਦੀ ਉਸਾਰੀ ਕੀਤੀ ਗਈ ਤਾਂ ਉਦਾਸੀ ਪੰਜਾਬੀ ਸ਼ਾਇਰੀ ਦੇ ਇਨਲਕਾਬੀ ਸੰਤ ਵਜੋਂ ਉਭਰਿਆ। ਉਦਾਸੀ, ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ, ਹਰਭਜਨ ਹਲਵਾਰਵੀ, ਡਾæ ਜਗਤਾਰ, ਅਮਰਜੀਤ ਚੰਦਨ, ਗੁਰਦੀਪ ਗਰੇਵਾਲ, ਜੈਮਲ ਸਿੰਘ ਪੱਡਾ, ਦਰਸ਼ਨ ਦੁਸਾਂਝ, ਓਮ ਪ੍ਰਕਾਸ਼ ਸ਼ਰਮਾ ਆਦਿ ਕਵੀਆਂ ਨੇ ਆਪਣੇ ਯੁੱਗ ਦੇ ਸਾਹਿਤਕ, ਸਮਾਜਿਕ, ਸਿਆਸੀ ਅਤੇ ਇਤਿਹਾਸਕ ਸਵਾਲਾਂ ਨੂੰ ਮੁਖਾਤਬ ਹੁੰਦਿਆਂ ਕ੍ਰਾਂਤੀਕਾਰੀ ਕਵਿਤਾ ਦੀ ਰਚਨਾ ਕੀਤੀ। ਇਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾਂ 'ਤੇ ਤੋਰਿਆ। ਉਸ ਸਮੇਂ ਦੀ ਪ੍ਰਚੱਲਤ ਪ੍ਰਯੋਗਵਾਦੀ ਕਵਿਤਾ ਨੂੰ ਠੱਲ੍ਹ ਪਾ ਕੇ ਇਹ ਕਵਿਤਾ ਕਿਰਤੀ, ਕਿਸਾਨ, ਦਲਿਤ ਅਤੇ ਔਰਤ ਦੇ ਮਸਲਿਆਂ ਨੂੰ ਸੰਬੋਧਨ ਹੋਈ। ਸੰਤ ਰਾਮ ਉਦਾਸੀ ਨੇ ਜ਼ੁਲਮ ਅਤੇ ਜਬਰ ਖ਼ਿਲਾਫ਼ ਆਪਣੀ ਕਲਮ ਤਲਵਾਰ ਵਾਂਗ ਚਲਾਈ ਅਤੇ ਇਨਕਲਾਬੀ ਸੋਚ ਉਤੇ ਡਟ ਕੇ ਪਹਿਰਾ ਦਿੱਤਾ।

ਸੰਤ ਰਾਮ ਉਦਾਸੀ ਪੰਜਾਬੀ ਸਾਹਿਤ 'ਤੇ ਰੌਸ਼ਨੀ ਵਾਂਗ ਫੈਲਿਆ। ਉਹ ਬੇਬਾਕ, ਨਿੱਡਰ ਅਤੇ ਨਿਧੜਕ ਲੇਖਕ ਹੋ ਨਿਬੜਿਆ। ਉਸ ਦੀ ਸਮੁੱਚੀ ਕਵਿਤਾ ਵਿਚ ਦਿੱਲੀ ਲਈ ਵੰਗਾਰ ਪਈ ਹੈ। ਉਹ ਜਮਾਤੀ ਚੇਤਨਾ ਦਾ ਕਵੀ ਹੈ। ਉਸ ਦੀ ਕਵਿਤਾ ਜਾਤੀ, ਧਾਰਮਿਕ ਤੇ ਇਲਾਕਾਈ ਵੰਡੀਆਂ ਤੋਂ ਉਪਰ ਉੱਠ ਕੇ ਦੁਨੀਆਂ ਭਰ ਦੇ ਕਾਮਿਆਂ ਨੂੰ ਸੰਬੋਧਨ ਸੀ। ਉਸ ਨੇ ਕੱਚੇ ਕੋਠਿਆਂ ਵਾਲਿਆਂ, ਕੰਮੀਆਂ ਦੇ ਵਿਹੜੇ ਵਾਲਿਆਂ, ਹਾਲੀਆਂ, ਪਾਲੀਆਂ ਤੇ ਮਾਨਵਤਾ ਦੀ ਮੁਕਤੀ ਲਈ ਜੂਝਣ ਵਾਲੇ ਸ਼ਹੀਦਾਂ ਦੇ ਗੀਤ ਲਿਖੇ ਤੇ ਗਾਏ। ਇਨ੍ਹਾਂ ਰਚਨਾਵਾਂ ਵਿਚ ਉਸ ਨੇ ਇਨਲਕਾਬ ਦੇ ਸੂਹੇ ਮਾਰਗ 'ਤੇ ਚੱਲਣ ਦਾ ਹੋਕਾ ਦਿੱਤਾ।

ਸੰਤ ਰਾਮ ਉਦਾਸੀ ਦਾ ਜਨਮ ਉਸ ਮਜ਼ਹਬੀ ਸਿੱਖ ਪਰਿਵਾਰ ਵਿਚ ਹੋਇਆ ਸੀ ਜਿਸ ਪਰਿਵਾਰ ਦੀਆਂ ਔਰਤਾਂ ਨੂੰ ਉਦਾਸੀ ਨੂੰ ਪੜ੍ਹਾਉਣ ਲਈ ਕਿਸੇ ਦੇ ਕੋਠੇ ਵੀ ਲਿੱਪਣੇ ਪੈਂਦੇ ਸਨ। ਉਸ ਦੀ ਕਵਿਤਾ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਜੂਝਣ ਵਾਲੇ ਲੋਕਾਂ ਵਿਚ ਨਵੀਂ ਰੂਹ ਭਰ ਦਿੱਤੀ ਅਤੇ ਉਸ ਦੇ ਦਰਦ ਵਿੰਨ੍ਹੇ ਤੇ ਰੋਹ ਦੇ ਚੰਗਿਆੜੇ ਛੱਡਦੇ ਸ਼ਬਦ ਵਕਤ ਦੇ ਹਾਕਮਾਂ ਲਈ ਵੰਗਾਰ ਬਣ ਗਏ। ਉਸ ਨੇ 'ਮਘਦਾ ਰਹੀਂ ਵੇ ਸੂਰਜਾ' ਅਤੇ 'ਉੱਠਣ ਦਾ ਵੇਲਾ' ਦਾ ਗੁਰਬਤ ਮਾਰੇ ਲੋਕਾਂ ਨੂੰ ਹੋਕਾ ਦਿੱਤਾ ਪਰ ਉਦਾਸੀ ਨੂੰ ਇਸ ਲੜਾਈ ਦੇ ਨਾਲ ਨਾਲ ਸਮਾਜੀ ਲਾਹਨਤ ਜਾਤ-ਪਾਤ ਦੇ ਵਿਤਕਰੇ ਨਾਲ ਵੀ ਜੂਝਣਾ ਪਿਆ। ਇਸ ਦੇ ਬਾਵਜੂਦ ਜਾਤੀ ਜਬਰ ਤੇ ਸਮਾਜਿਕ, ਆਰਥਿਕ ਪਾੜਿਆਂ ਨਾਲ ਘੁਲਦਿਆਂ ਉਦਾਸੀ ਨੇ ਆਪਣੀ ਗੱਲ ਇਸ ਢੰਗ ਨਾਲ ਜਮਾਤੀ ਨਜ਼ਰੀਏ ਤੋਂ ਲੋਕਾਂ ਅੱਗੇ ਲਿਆ ਕੇ ਰੱਖੀ ਕਿ ਉਸ ਦੀ ਨਿਵੇਕਲੀ ਪਛਾਣ ਉਭਰਦੀ ਹੈ। ਉਸ ਦੀ ਕਵਿਤਾ ਦੇ ਜਮਾਤੀ ਪੈਂਤੜੇ ਅੱਗੇ ਉਸ ਨੂੰ 'ਦਲਿਤ ਲੋਕਾਂ ਦਾ ਕਵੀ' ਵਾਲਾ ਨੁਕਤਾ ਟਿਕ ਨਹੀਂ ਸਕਿਆ।

ਇਨ੍ਹਾਂ ਸਾਲਾਂ ਦੌਰਾਨ ਉਦਾਸੀ ਨੂੰ ਦਲਿਤ ਕਵੀ ਵਜੋਂ ਪ੍ਰਚਾਰਨ ਦੇ ਨਾਲ ਨਾਲ ਉਸ ਦਾ ਅਕਸ ਖਾਲਿਸਤਾਨੀ ਲਹਿਰ ਦੇ ਹਮਾਇਤੀ ਵਾਲਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਦਾ ਕਾਰਨ ਉਸ ਦੇ ਗੀਤ ਸਿੱਖੀ ਬਿੰਬਾਂ ਅਤੇ ਇਤਿਹਾਸਕਾਰੀ ਵਾਲੇ ਹੋਣਾ ਸੀ ਅਤੇ ਖਾਲਿਸਤਾਨੀ ਲਹਿਰ ਦੌਰਾਨ ਇਨ੍ਹਾਂ ਦੀ ਖੂਬ ਵਰਤੋਂ ਕੀਤੀ ਗਈ। ਜਿਉਂਦੇ ਜੀਅ ਉਦਾਸੀ ਵੀ ਆਪਣੀ ਪਾਰਟੀ ਸੀਪੀਆਈ ਐੱਮ ਐੱਲ)-ਪੂਲਾ ਰੈਡੀ ਦੀ ਤਰਜ਼ 'ਤੇ ਕੇਂਦਰ ਵੱਲੋਂ ਪੰਜਾਬ ਨੂੰ ਲੁੱਟਣ-ਕੁੱਟਣ, ਹਰਿਮੰਦਰ ਸਾਹਿਬ 'ਤੇ ਹੋਏ ਫੌਜੀ ਹਮਲੇ, 1984 ਦੇ ਸਿੱਖ ਕਤਲੇਆਮ, ਪੰਜਾਬੀਆਂ ਦੇ ਕਤਲਾਂ ਅਤੇ ਖਾਸ ਤੌਰ 'ਤੇ ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਦਾ ਵਿਰੋਧ ਕਰਦਾ ਸੀ। ਉਸ ਦੇ ਪਰਿਵਾਰਕ ਮੈਂਬਰਾਂ, ਸੰਗੀ-ਸਾਥੀਆਂ, ਲਿਖਤਾਂ ਅਤੇ ਭਾਸ਼ਨਾਂ ਤੋਂ ਅਜਿਹੀ ਕੋਈ ਕਨਸੋਅ ਨਹੀਂ ਮਿਲੀ ਜਿਸ 'ਤੇ ਅਜਿਹਾ ਲੱਖਣ ਲਾਇਆ ਜਾ ਸਕੇ। ਉਹ ਆਪਣੇ ਜੀਵਨ ਦੇ ਅੰਤ ਤੱਕ ਪ੍ਰਤੀਬੱਧ ਇਨਕਲਾਬੀ ਸ਼ਾਇਰ ਵਾਲੀ ਦਿੱਖ ਬਣਾਈ ਰੱਖਦਾ ਹੈ।

ਸੰਤ ਰਾਮ ਉਦਾਸੀ ਹਜ਼ੂਰ ਸਾਹਿਬ ਗੁਰਗੱਦੀ ਸਮਾਗਮ ਮੌਕੇ ਕਵੀ ਦਰਬਾਰ ਵਿਚ ਗੀਤ ਬੋਲਣ ਗਿਆ ਹੋਇਆ ਸੀ। ਵਾਪਸੀ 'ਤੇ 6 ਨਵੰਬਰ, 1986 ਨੂੰ ਮਹਾਰਾਸ਼ਟਰ ਦੇ ਮਾਨਵਾੜਾ ਰੇਲਵੇ ਸਟੇਸ਼ਨ 'ਤੇ ਗੱਡੀ ਵਿਚ ਹੀ ਉਸ ਦੀ ਮੌਤ ਹੋ ਗਈ ਪਰ ਉਹ ਅੱਜ ਵੀ ਧਰਨਿਆਂ, ਮੁਜ਼ਾਹਰਿਆਂ ਦੇ ਮੰਚਾਂ 'ਤੇ ਗੀਤਾਂ ਰਾਹੀਂ ਜਿਉਂਦਾ ਹੈ। ਉਦਾਸੀ ਦੀ ਮੌਤ ਭਾਵੇਂ ਬੇਵਕਤੀ ਤੇ ਰਹੱਸਮਈ ਹੋਈ ਪਰ ਉਸ ਦੇ ਗੀਤਾਂ ਦੇ ਬੋਲ ਉਦੋਂ ਤੱਕ ਗੂੰਜਦੇ ਰਹਿਣਗੇ, ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ ਅਤੇ ਧਰਤੀ 'ਤੇ ਬੇਗਮਪੁਰਾ ਨਹੀਂ ਵਸ ਜਾਂਦਾ।

ਅਜਮੇਰ ਸਿੱਧੂ
ਸੰਪਰਕ: 94630-63990



No comments:

Post a Comment